1 Samuel 5

1ਫ਼ਲਿਸਤੀਆਂ ਨੇ ਪਰਮੇਸ਼ੁਰ ਦਾ ਸੰਦੂਕ, ਅਬਨ ਅਜ਼ਰ ਤੋਂ ਚੁੱਕ ਕੇ ਅਸ਼ਦੋਦ ਵਿੱਚ ਪਹੁੰਚਾ ਦਿੱਤਾ । 2ਜਦ ਫ਼ਲਿਸਤੀਆਂ ਨੇ ਪਰਮੇਸ਼ੁਰ ਦੇ ਸੰਦੂਕ ਨੂੰ ਖੋਹ ਲਿਆ ਤਾਂ ਉਹ ਉਸ ਨੂੰ ਦਾਗੋਨ ਦੇ ਮੰਦਰ ਵਿੱਚ ਲਿਆਏ ਅਤੇ ਦਾਗੋਨ ਕੋਲ ਰੱਖਿਆ । 3ਜਦ ਸਵੇਰ ਨੂੰ ਅਸ਼ਦੋਦੀ ਉੱਠੇ ਤਾਂ ਵੇਖੋ, ਦਾਗੋਨ ਯਹੋਵਾਹ ਦੇ ਸੰਦੂਕ ਅੱਗੇ ਮੂੰਹ ਦੇ ਭਾਰ ਧਰਤੀ ਉੱਤੇ ਡਿੱਗਾ ਪਿਆ ਸੀ, ਤਦ ਉਨ੍ਹਾਂ ਨੇ ਦਾਗੋਨ ਨੂੰ ਚੁੱਕ ਕੇ ਉਹ ਦੇ ਥਾਂ ਉੱਤੇ ਉਹ ਨੂੰ ਫੇਰ ਖੜ੍ਹਾ ਕੀਤਾ ।

4ਅਗਲੇ ਦਿਨ ਜਦ ਉਹ ਤੜਕੇ ਉੱਠੇ ਤਾਂ ਵੇਖੋ, ਦਾਗੋਨ ਯਹੋਵਾਹ ਦੇ ਸੰਦੂਕ ਅੱਗੇ ਮੂੰਹ ਦੇ ਭਾਰ ਧਰਤੀ ਉੱਤੇ ਡਿੱਗਾ ਪਿਆ ਸੀ ਅਤੇ ਦਾਗੋਨ ਦਾ ਸਿਰ ਅਤੇ ਉਹ ਦੇ ਦੋਹਾਂ ਹੱਥਾਂ ਦੀਆਂ ਤਲੀਆਂ ਬੂਹੇ ਦੇ ਸਾਹਮਣੇ ਵੱਢੀਆਂ ਪਈਆਂ ਸਨ । ਉਹ ਦਾ ਸਿਰਫ਼ ਧੜ ਹੀ ਰਹਿ ਗਿਆ ਸੀ । 5ਇਸ ਲਈ ਅਸ਼ਦੋਦ ਵਿੱਚ ਦਾਗੋਨ ਦੇ ਪੁਜਾਰੀ ਅਤੇ ਉਹ ਸਾਰੇ ਜੋ ਦਾਗੋਨ ਦੇ ਮੰਦਰ ਵਿੱਚ ਆਉਂਦੇ ਹਨ ਅੱਜ ਤੱਕ ਬੂਹੇ ਦੇ ਸਾਹਮਣੇ ਪੈਰ ਨਹੀਂ ਧਰਦੇ ।

6ਪਰ ਯਹੋਵਾਹ ਦਾ ਹੱਥ ਅਸ਼ਦੋਦੀਆਂ ਉੱਤੇ ਭਾਰਾ ਪੈ ਗਿਆ ਅਤੇ ਉਸ ਨੇ ਉਨ੍ਹਾਂ ਦਾ ਨਾਸ਼ ਕੀਤਾ ਅਤੇ ਅਸ਼ਦੋਦ ਅਤੇ ਉਸਦੇ ਆਲੇ-ਦੁਆਲੇ ਦੇ ਲੋਕਾਂ ਨੂੰ ਗਿਲ੍ਹਟੀਆਂ ਦੀ ਬਿਮਾਰੀ ਨਾਲ ਮਾਰਿਆ । 7ਜਦ ਅਸ਼ਦੋਦੀਆਂ ਨੇ ਜੋ ਕੁਝ ਹੋਇਆ ਉਹ ਵੇਖਿਆ ਤਾਂ ਉਨ੍ਹਾਂ ਨੇ ਆਖਿਆ, ਕਿ ਇਸਰਾਏਲ ਦੇ ਪਰਮੇਸ਼ੁਰ ਦਾ ਸੰਦੂਕ ਸਾਡੇ ਕੋਲ ਨਾ ਰਹੇ ਕਿਉਂ ਜੋ ਉਹ ਦਾ ਹੱਥ ਸਾਡੇ ਉੱਤੇ ਅਤੇ ਸਾਡੇ ਦੇਵਤੇ ਦਾਗੋਨ ਉੱਤੇ ਭਾਰਾ ਪਿਆ ਹੈ ।

8ਸੋ ਉਨ੍ਹਾਂ ਨੇ ਫ਼ਲਿਸਤੀਆਂ ਦੇ ਸਭਨਾਂ ਸਰਦਾਰਾਂ ਨੂੰ ਸੱਦ ਕੇ ਆਪਣੇ ਕੋਲ ਇਕੱਠਿਆਂ ਕੀਤਾ ਅਤੇ ਆਖਿਆ, ਅਸੀਂ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਦਾ ਕੀ ਕਰੀਏ ? ਤਦ ਉਨ੍ਹਾਂ ਨੇ ਉੱਤਰ ਦਿੱਤਾ ਕਿ ਇਹ ਜਰੂਰੀ ਹੈ ਕਿ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਗਥ ਨਗਰ ਵਿੱਚ ਲੈ ਜਾਣ, ਇਸ ਲਈ ਉਹ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਉੱਥੇ ਲੈ ਗਏ । 9ਜਦ ਉਹ ਉਸ ਨੂੰ ਉੱਥੇ ਲੈ ਗਏ ਤਾਂ ਅਜਿਹਾ ਹੋਇਆ ਜੋ ਯਹੋਵਾਹ ਦਾ ਹੱਥ ਉਸ ਸ਼ਹਿਰ ਨੂੰ ਨਾਸ਼ ਕਰਨ ਨੂੰ ਉਹ ਦੇ ਵਿਰੁੱਧ ਉੱਠਿਆ ਅਤੇ ਉਹ ਨੇ ਉਸ ਸ਼ਹਿਰ ਦੇ ਲੋਕਾਂ ਨੂੰ ਨਿੱਕਿਆਂ ਤੋਂ ਲੈ ਕੇ ਵੱਡਿਆਂ ਤੱਕ ਮਾਰਿਆ ਅਤੇ ਉਨ੍ਹਾਂ ਦੀਆਂ ਗੁਦਾਂ ਵਿੱਚ ਰਸੋਲੀਆਂ ਨਿੱਕਲੀਆਂ ।

10ਤਦ ਉਨ੍ਹਾਂ ਨੇ ਪਰਮੇਸ਼ੁਰ ਦਾ ਸੰਦੂਕ ਅਕਰੋਨ ਨੂੰ ਭੇਜਿਆ ਪਰ ਜਿਸ ਵੇਲੇ ਪਰਮੇਸ਼ੁਰ ਦਾ ਸੰਦੂਕ ਅਕਰੋਨ ਵਿੱਚ ਪਹੁੰਚਿਆ ਤਦ ਅਜਿਹਾ ਹੋਇਆ ਜੋ ਅਕਰੋਨੀ ਚੀਕ ਉੱਠੇ, ਕਿ ਉਹ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਸਾਡੇ ਵਿੱਚ ਇਸ ਲਈ ਲਿਆਏ ਹਨ, ਜੋ ਸਾਡਾ ਅਤੇ ਸਾਡੇ ਲੋਕਾਂ ਦਾ ਨਾਸ਼ ਕਰਨ ।

11ਸੋ ਉਨ੍ਹਾਂ ਨੇ ਫ਼ਲਿਸਤੀਆਂ ਦੇ ਸਰਦਾਰਾਂ ਨੂੰ ਸੱਦ ਕੇ ਇੱਕਠਿਆਂ ਕੀਤਾ ਅਤੇ ਆਖਿਆ, ਕਿ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਵਾਪਸ ਭੇਜੋ ਤਾਂ ਜੋ ਉਹ ਆਪਣੇ ਸਥਾਨ ਤੇ ਜਾਵੇ ਜੋ ਸਾਡਾ ਅਤੇ ਸਾਡੇ ਲੋਕਾਂ ਦਾ ਨਾਸ ਨਾ ਕਰੇ ਕਿਉਂ ਜੋ ਸਾਰਾ ਸ਼ਹਿਰ ਮੌਤ ਦੀ ਘਬਰਾਹਟ ਨਾਲ ਡਰ ਗਿਆ ਸੀ । ਉੱਥੇ ਪਰਮੇਸ਼ੁਰ ਦਾ ਹੱਥ ਅੱਤ ਭਾਰਾ ਸੀ । ਉਹ ਲੋਕ ਜੋ ਮਰੇ ਨਹੀਂ ਸਨ, ਉਹ ਗਿਲ੍ਹਟੀਆਂ ਦੀ ਬਿਮਾਰੀ ਨਾਲ ਪੀੜਤ ਸਨ ਅਤੇ ਸ਼ਹਿਰ ਦੀ ਦੁਹਾਈ ਅਕਾਸ਼ ਤੱਕ ਪਹੁੰਚ ਗਈ ।

12

Copyright information for PanULB